ਸਾਰੇ ਸਰਕਾਰੀ ਦਫ਼ਤਰਾਂ ਵਿਚ ਸੁਖਾਲੀ ਪਹੁੰਚ ਬਣਾਉਣ ਲਈ ਸਰਪੰਚਾਂ ਅਤੇ ਕੌਂਸਲਰਾਂ ਨੂੰ ਐਂਟਰੀ ਕਾਰਡ ਮਿਲਣਗੇ
ਵਿਕਾਸ ਪ੍ਰਾਜੈਕਟਾਂ ਦੇ ਅਮਲ ਵਿਚ ਤੇਜੀ ਲਿਆਉਣ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾ
ਵੀ.ਆਈ.ਪੀ. ਕਲਚਰ ਨੂੰ ਰੋਕਣ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੰਤਰੀਆਂ ਨੂੰ ਆਪਣੇ ਨਾਲ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਘੱਟ ਤੋਂ ਘੱਟ ਰੱਖਣ ਲਈ ਕਿਹਾ, ਜਿਵੇਂ ਕਿ ਉਹ ਆਪਣੀ ਸੁਰੱਖਿਆ ਵਿਚ ਪਹਿਲਾਂ ਹੀ ਕਟੌਤੀ ਕਰ ਚੁੱਕੇ ਹਨ।
ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਨਵੀਂ ਬਣੀ ਵਜਾਰਤ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਚੰਨੀ ਨੇ ਕਿਹਾ ਕਿ ਇਹ ਕਦਮ ਨਾ ਸਿਰਫ ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਸੁਯੋਗ ਵਰਤੋਂ ਕਰਨ ਵਿਚ ਸਹਾਈ ਹੋਵੇਗਾ ਸਗੋਂ ਇਸ ਸਬੰਧੀ ਆਮ ਲੋਕਾਂ ਨੂੰ ਵੀ ਦਰਪੇਸ਼ ਬੇਲੋੜੀਆਂ ਦਿੱਕਤਾਂ ਤੋਂ ਨਿਜਾਤ ਮਿਲੇਗੀ।
ਸਰਪੰਚਾਂ, ਕੌਂਸਲਰਾਂ ਆਦਿ ਚੁਣੇ ਹੋਏ ਨੁਮਾਇੰਦਿਆਂ ਦੀ ਪਹੁੰਚ ਸੁਖਾਲੀ ਬਣਾਉਣ ਲਈ ਇਹ ਵੀ ਫੈਸਲਾ ਕੀਤਾ ਗਿਆ ਕਿ ਸਬੰਧਤ ਡਿਪਟੀ ਕਮਿਸ਼ਨਰ/ਐਸ.ਡੀ.ਐਮ. ਦੇ ਦਫਤਰ ਤੋਂ ਐਂਟਰੀ ਕਾਰਡ ਜਾਰੀ ਕੀਤੇ ਜਾਣਗੇ ਅਤੇ ਅਜਿਹਾ ਕਾਰਡਧਾਰਕਾਂ ਨੂੰ ਚੰਡੀਗੜ੍ਹ ਵਿਚ ਸਥਿਤ ਦੋਵੇਂ ਸਿਵਲ ਸਕੱਤਰੇਤ ਸਮੇਤ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਨਿਰਵਿਘਨ ਪ੍ਰਵੇਸ਼ ਕਰਨ ਦੀ ਇਜਾਜ਼ਤ ਹੋਵੇਗੀ।
ਵਿਆਪਕ ਰੂਪ-ਰੇਖਾ ਉਲੀਕਣ ਕਰਨ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਸਾਰੇ ਪ੍ਰਬੰਧਕੀ ਸਕੱਤਰਾਂ/ਵਿਭਾਗਾਂ ਦੇ ਮੁਖੀਆਂ ਨੂੰ ਕਾਰਜ ਯੋਜਨਾ ਤਿਆਰ ਕਰਨ ਲਈ ਆਖਿਆ ਤਾਂ ਕਿ ਵਿਕਾਸ ਪ੍ਰਾਜੈਕਟਾਂ ਅਤੇ ਲੋਕ ਭਲਾਈ ਸਕੀਮਾਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਲੋਕਾਂ ਨੂੰ ਸਾਫ-ਸੁਥਰਾ, ਪਾਰਦਰਸ਼ੀ ਅਤੇ ਕੁਸ਼ਲ ਸ਼ਾਸਨ ਦੇਣ ਲਈ ਸ. ਚੰਨੀ ਨੇ ਮੰਤਰੀਆਂ ਨੂੰ ਆਪਣੀਆਂ ਸਮਰੱਥਾਵਾਂ ਅਤੇ ਯੋਗਤਾਵਾਂ ਮੁਤਾਬਕ ਕੰਮ ਕਰਨ ਲਈ ਕਿਹਾ ਤਾਂ ਕਿ ਆਮ ਜਨਤਾ ਦਰਮਿਆਨ ਭਰੋਸਾ ਪੈਦਾ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਵਾਧੂ ਸਮਾਂ ਕੰਮ ਕਰਨਾ ਹੋਵੇਗਾ ਤਾਂ ਕਿ ਲੋਕਾਂ ਨੂੰ ਚੰਗਾ ਸ਼ਾਸਨ ਦੇਣ ਵਿਚ ਉਨ੍ਹਾਂ ਦੀਆਂ ਉਮੀਦਾਂ ਉਤੇ ਖਰਾ ਉਤਰਿਆ ਜਾ ਸਕੇ। ਉਨ੍ਹਾਂ ਨੇ ਸਾਰੇ ਮੰਤਰੀਆਂ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਡਟ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਸਰਕਾਰ ਦੇ ਅਕਸ ਨੂੰ ਹੋਰ ਨਿਖਾਰਨ ਦੇ ਨਾਲ-ਨਾਲ ਲੋਕਾਂ ਖਾਸ ਕਰਕੇ ਹੇਠਲੇ ਪੱਧਰ ਤੱਕ ਆਮ ਲੋਕਾਂ ਦੀ ਖਾਹਿਸ਼ਾਂ ਦੀ ਪੂਰਤੀ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਸੂਬੇ ਵਿਚ ਲੋਕ ਪੱਖੀ ਉਪਰਾਲਿਆਂ ਅਤੇ ਸਰਬਪੱਖੀ ਵਿਕਾਸ ਕਾਰਜਾਂ ਨੂੰ ਲਾਗੂ ਕਰਨ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਦੀ ਵੀ ਭਰਵੀਂ ਸ਼ਲਾਘਾ ਕੀਤੀ