ਮੁੱਖ ਮੰਤਰੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਨਾ ਪਹੁੰਚੇ ਸੰਗਤਾਂ ਨੂੰ ਪੁਲਸ ਪ੍ਰਸ਼ਾਸਨ ਨੇ ਲੰਮਾ ਸਮਾਂ ਦਰਸ਼ਨਾਂ ਤੋਂ ਰੱਖਿਆ ਵਾਂਝੇ

B11 NEWS
By -
ਮੁੱਖ ਮੰਤਰੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਨਾ ਪਹੁੰਚੇ 
ਸੰਗਤਾਂ ਨੂੰ ਪੁਲਸ ਪ੍ਰਸ਼ਾਸਨ ਨੇ ਲੰਮਾ ਸਮਾਂ ਦਰਸ਼ਨਾਂ ਤੋਂ ਰੱਖਿਆ ਵਾਂਝੇ 
ਸੁਲਤਾਨਪੁਰ ਲੋਧੀ 17 ਜੁਲਾਈ ਉਮ ਪ੍ਰਕਾਸ਼ ਸ਼ਰਨਜੀਤ ਸਿੰਘ 
ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਵੇਈਂ ਦੀ ਕਾਰ ਸੇਵਾ ਦੀ 22ਵੀਂ ਵਰ੍ਹੇਗੰਢ ਦੇ ਸਾਲਾਨਾ ਸਮਾਗਮ ਵਿਚ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਿਰਕਤ ਕੀਤੀ ਗਈ  ਅਤੇ ਤਕਰੀਬਨ ਉਹ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਡੇਢ ਘੰਟਾ ਰਹੇ ਅਤੇ ਵਿਸ਼ਾਲ ਸਮਾਗਮ ਮੌਕੇ ਸੰਗਤਾਂ ਨੂੰ ਸੰਬੋਧਨ ਵੀ ਕੀਤਾ। ਇਸ ਤੋਂ ਉਪਰੰਤ ਪ੍ਰਸ਼ਾਸਨ ਵੱਲੋਂ ਬੇਰ ਸਾਹਿਬ ਵਿਖੇ ਉਨ੍ਹਾਂ ਦੇ ਨਤਮਸਤਕ ਹੋਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਬਗੈਰ   ਮੱਥਾ ਟੇਕਿਆ ਹੀ ਸਮਾਗਮ ਤੋਂ ਵਾਪਸ ਪਰਤ ਗਏ। ਇਸ ਸਾਰੇ ਮਾਮਲੇ ਸਬੰਧੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਗੁਰਾ ਸਿੰਘ ਮਾਨ ਨੇ ਦੱਸਿਆ ਕਿ ਸਾਨੂੰ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੈਸਜ ਮਿਲਿਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਣਗੇ ਜਿਸ ਦੇ ਮੱਦੇਨਜ਼ਰ ਅਸੀਂ ਆਪਣੇ ਵੱਲੋਂ ਵੀ ਉਚੇਚੇ ਪ੍ਰਬੰਧ ਕੀਤੇ ਸਨ ਪਰ ਮੁੱਖ ਮੰਤਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਨਹੀਂ ਪਹੁੰਚੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਪਾਵਨ ਅਸਥਾਨ ਤੇ ਨਤਮਸਤਕ ਹੋਣ ਲਈ ਪਹੁੰਚੇ ਸਨ ਉਸ ਵਕਤ ਵੀ ਸੰਗਤਾਂ ਨਾਲ ਅਜਿਹਾ ਵਤੀਰਾ ਨਹੀਂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੇਸ਼ ਦੇ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਵੀ ਇਤਿਹਾਸਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਧਾਰੇ ਸਨ ਉਸ ਵਕਤ ਵੀ ਉਹ ਆਮ ਸ਼ਰਧਾਲੂ ਵਾਂਗ ਗੁਰੂ ਘਰ ਆਏ ਸਨ। ਮੈਨੇਜਰ ਮਾਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਕਾਫੀ ਸਮਾਂ ਰੋਕੀ ਰੱਖਿਆ ਗਿਆ ਜਿਸ ਨਾਲ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਐਤਵਾਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਦੂਰ ਦੁਰੇਡੇ ਤੋਂ ਨਤਮਸਤਕ ਹੋਣ ਆਈਆਂ ਸਨ ਪਰ ਬਹੁਤ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਨ ਲਈ ਲੰਮਾ ਸਮਾਂ ਇੰਤਜਾਰ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਤਿਹਾਸਕ ਬੇਰੀ ਸਾਹਿਬ ਦੇ ਨੇੜਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਅਤੇ ਸੰਗਤਾਂ ਨੂੰ ਪੁਲਿਸ ਵੱਲੋਂ ਰੋਕਿਆ ਗਿਆ। ਮੈਨੇਜਰ ਮਾਨ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਇਤਿਹਾਸਕ ਅਸਥਾਨ ਦੇ ਦਰਸ਼ਨ ਕੀਤੇ ਬਗੈਰ ਮੁਖ ਮੰਤਰੀ ਦਾ ਮੁੜਨਾ ਬਹੁਤ ਮੰਦਭਾਗਾ ਹੈ ਅਤੇ ਸਿੱਖ ਸੰਗਤਾਂ ਦੇ ਮਨਾ ਨੂੰ ਵੀ ਵੱਡੀ ਠੇਸ ਪਹੁੰਚੀ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਮੁੱਖ ਮੰਤਰੀ ਦੇ ਆਉਣ ਬਾਰੇ ਸੁਨੇਹਾ ਮਿਲਿਆ ਸੀ ਅਤੇ ਅਸੀਂ ਦਰਬਾਰ ਸਾਹਿਬ ਵਿਚ ਸਾਰੇ ਪ੍ਰਬੰਧ ਕੀਤੇ ਸਨ ਪਰ ਮੁੱਖ ਮੰਤਰੀ ਇੱਥੇ ਦਰਸ਼ਨ ਕਰਨ ਵਾਸਤੇ ਨਾ ਪਹੁੰਚੇ। ਉਹਨਾਂ ਦੱਸਿਆ ਕਿ ਪੁਲਸ ਵੱਲੋਂ ਸੰਗਤਾਂ ਨੂੰ ਲੰਮਾ ਸਮਾਂ ਰੋਕਿਆ ਗਿਆ ਜਿਸ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ ਕੁਝ ਸਮਾਂ ਕੱਢ ਕੇ ਗੁਰੂ ਘਰ ਜਰੂਰੀ ਦਰਸ਼ਨ ਕਰਨੇ ਚਾਹੀਦੇ ਸਨ।
Tags: