ਸਾਡੀ ਮਾਲਕੀ ਜਮੀਨ ਤੇ ਨਜਾਇਜ ਕਬਜਾ ਕਰਨ ਵਾਲਿਆਂ ਨੂੰ ਰੋਕਿਆ ਜਾਵੇ
ਸੁਲਤਾਨਪੁਰ ਲੋਧੀ 6 ਜੁਲਾਈ (ਉਮ ਪ੍ਰਕਾਸ਼, ਸ਼ਰਨਜੀਤ ਸਿੰਘ
ਸਾਡੀ ਵਾਹੀ ਯੋਗ ਜ਼ਮੀਨ ਤੇ ਮੇਰੀ ਨੁੰਹ ਸੁਖਜਿੰਦਰ ਕੌਰ ਧੱਕੇ ਨਾਲ ਕਬਜ਼ਾ ਕਰ ਕੇ ਝੋਨਾ ਲਗਾ ਰਹੀ ਹੈ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਜ਼ੁਰਗ ਅੌਰਤ ਹਰਬੰਸ ਕੌਰ ਵਾਸੀ ਜੈਨਪੁਰ ਵੱਲੋਂ ਪ੍ਰੈੱਸ ਕਾਨਫਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਾਡੀ ਜੱਦੀ ਜ਼ਮੀਨ 19 ਕਨਾਲ ਦੇ ਕਰੀਬ ਪਿੰਡ ਰਣਧੀਰਪੁਰ ਵਿਚ ਹੈ ਜਿਸ ਦੀ 1/3, 1/3 ਮਾਲਕ ਮੈਂ ਖੁਦ ਅਤੇ ਮੇਰਾ ਬੇਟਾ ਅਵਤਾਰ ਸਿੰਘ ਹੈ ਪਰ ਸਾਡੀ ਉਕਤ ਸਾਰੀ ਜ਼ਮੀਨ ਤੇ ਸਾਡੀ ਨੁੰਹ ਸੁਖਜਿੰਦਰ ਕੌਰ ਧੱਕੇ ਨਾਲ ਕਬਜ਼ਾ ਕਰ ਕੇ ਉਸ ਵਿੱਚ ਝੋਨਾ ਲਗਾ ਰਹੀ ਹੈ। ਅਸੀਂ ਉਸ ਨੂੰ ਜ਼ਮੀਨ ਤੇ ਕਬਜ਼ਾ ਕਰਨ ਤੋਂ ਰੋਕਿਆ ਪਰ ਉਹ ਸਾਨੂੰ ਧਮਕੀਆਂ ਦੇ ਰਹੀ ਹੈ ਅਤੇ ਕਹਿ ਰਹੀ ਹੈ ਕਿ ਤੁਸੀਂ ਮੇਰੇ ਨਾਲ ਧੱਕਾ ਕਰ ਰਹੇ ਹੋ। ਹਰਬੰਸ ਕੌਰ ਨੇ ਦੱਸਿਆ ਕਿ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿੱਚ 30 ਜੂਨ ਨੂੰ ਇਸ ਜ਼ਮੀਨ ਤੇ ਕਬਜ਼ੇ ਸਬੰਧੀ ਇਕ ਦਰਖਾਸਤ ਦੇ ਕੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਸਾਡੀ ਜ਼ਮੀਨ ਤੇ ਜੋ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ ਉਸ ਨੂੰ ਛੁਡਵਾਇਆ ਜਾਵੇ ਅਤੇ ਸਾਨੂੰ ਬਣਦਾ ਹੱਕ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੀ ਜ਼ਮੀਨ ਤੇ ਵਾਹੀ ਕਰ ਸਕੀਏ ਪਰ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਪੁਲਸ ਮਲਾਜ਼ਮ ਵਾਕਿਆ ਜ਼ਮੀਨ ਤੇ ਮੌਕਾ ਤਫ਼ਤੀਸ਼ ਕਰਨ ਆਏ ਸਨ ਪਰ ਉਥੇ ਨਾਜਾਇਜ਼ ਕਬਜ਼ਾ ਕਰ ਰਹੀ ਸੁਖਜਿੰਦਰ ਕੌਰ ਨਹੀਂ ਪਹੁੰਚੀ। ਪੁਲਸ ਵਲੋਂ ਸਾਨੂੰ ਯਕੀਨ ਦਿਵਾਇਆ ਗਿਆ ਕਿ ਅਸੀਂ ਕਾਰਵਾਈ ਕਰ ਰਹੇ ਹਾਂ।ਮਾਤਾ ਹਰਬੰਸ ਕੌਰ ਨੇ ਦੱਸਿਆ ਕਿ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਬਣਦੀ ਕਾਰਵਾਈ ਕਰ ਕੇ ਸਾਡੀ ਮਾਲਕੀ ਜ਼ਮੀਨ ਦਾ ਕਬਜ਼ਾ ਸਾਨੂੰ ਦਿਵਾਇਆ ਜਾਵੇ।
ਕਈ ਕਹਿਣਾ ਸੁਖਜਿੰਦਰ ਕੌਰ ਦਾ-
ਇਸ ਸੰਬੰਧ ਵਿੱਚ ਸੁਖਜਿੰਦਰ ਕੌਰ ਨਾਲ ਸੰਪਰਕ ਕਰਨ ਤੇ ਉਸ ਨੇ ਉਕਤ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਦਿਆਂ ਮੰਨਿਆ ਕਿ ਉਸ ਨੇ ਰਣਧੀਰਪੁਰ ਵਿਖੇ ਆਪਣੀ ਜ਼ਮੀਨ ਵਿੱਚ ਝੋਨਾ ਲਗਾਇਆ ਹੈ ਕਿਉਂਕਿ ਇਹ ਉਸ ਦੇ ਸੱਸ ਸਹੁਰੇ ਦੀ ਜਾਇਦਾਦ ਹੈ ਜਿਸ ਵਿਚ ਉਸਦਾ ਅਤੇ ਉਸਦੇ ਬੱਚਿਆਂ ਦਾ ਵੀ ਹੱਕ ਬਣਦਾ ਹੈ। ਉਸ ਨੇ ਕਿਹਾ ਕਿ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਹੱਕ ਹੀ ਮੰਗ ਰਹੀ ਹੈ ਜਦਕਿ ਉਸ ਦਾ ਦਿਓਰ ਉਸ ਨੂੰ ਨਿਆਂ ਨਹੀਂ ਦੇ ਰਿਹਾ ਹੈ।