ਪੁਲਿਸ ਨੇ ਮ੍ਰਿਤਕਾ ਦੇ ਸੱਸ, ਸਹੁਰੇ ਅਤੇ ਪਤੀ ਦੇ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਕੀਤਾ ਮਾਮਲਾ ਦਰਜ
ਸੁਲਤਾਨਪੁਰ ਲੋਧੀ, 28 ਜਨਵਰੀ , (ਲਾਡੀ, ਚੌਧਰੀ, ਸ਼ਰਨਜੀਤ ਸਿੰਘ ਤਖਤਰ )
ਸੁਲਤਾਨਪੁਰ ਲੋਧੀ ਦੇ ਪਿੰਡ ਨਾਨੋ ਮਲੀਆ ਵਿਖੇ ਲੋਹੜੀ ਤੋਂ ਇੱਕ ਦਿਨ ਪਹਿਲਾਂ ਆਪਣੇ ਸਹੁਰਾ ਘਰ ਪੁੱਜੀ ਅਮਰੀਕਾ ਸਿਟੀਜਨ ਮਹਿਲਾ ਰਾਜਦੀਪ ਕੌਰ ਦੀ ਮੌਤ ਦੀ ਖਬਰ ਬੀਤੇ ਦਿਨ ਸਾਹਮਣੇ ਆਈ ਸੀ। ਸ਼ੱਕੀ ਹਾਲਤ ਵਿੱਚ ਉਕਤ ਔਰਤ ਦੀ ਮੌਤ ਹੋਣ ਕਾਰਨ ਮੋਠਾਂਵਾਲਾ ਪੁਲਿਸ ਚੌਂਕੀ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈ ਕੇ ਸਥਾਨਕ ਸਿਵਲ ਹਸਪਤਾਲ ਵਿਖੇ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਮ੍ਰਿਤਕਾ ਦੇ ਪੋਸਟਮਾਰਟਮ ਨੇ ਅੱਜ ਨਵਾਂ ਮੋੜ ਲੈ ਲਿਆ ਕਿਉਂਕਿ ਮ੍ਰਿਤਕਾ ਦੇ ਮਾਤਾ ਨਿਰਮਲ ਕੌਰ ਤੇ ਪਿਤਾ ਜਰਨੈਲ ਸਿੰਘ ਨੇ ਪੱਤਰਕਾਰਾਂ ਦੇ ਸਾਹਮਣੇ ਆ ਕੇ ਆਪਣੀ ਲੜਕੀ ਦੇ ਸਹੁਰਾ ਪਰਿਵਾਰ ਤੇ ਕਤਲ ਦੇ ਦੋਸ਼ ਲਗਾਏ ਸਨ। ਉਨਾਂ ਇਨਸਾਫ ਦੀ ਮੰਗ ਨੂੰ ਲੈ ਕੇ ਅੱਜ ਵੱਖ ਵੱਖ ਜਥੇਬੰਦੀਆਂ ਦੇ ਨਾਲ ਪੁਲਿਸ ਥਾਣਾ ਸੁਲਤਾਨਪੁਰ ਲੋਧੀ ਵਿਖੇ ਧਰਨਾ ਲਗਾ ਕੇ ਆਪਣੀ ਲੜਕੀ ਦੇ ਸਹੁਰਾ ਪਰਿਵਾਰ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਦੀ ਲੜਕੀ ਦੇ ਸਹੁਰਾ ਪਰਿਵਾਰ ਨੇ ਆਪਣੇ ਵਿਦੇਸ਼ ਬੈਠੇ ਲੜਕੇ ਮਨਜਿੰਦਰ ਸਿੰਘ ਦੀ ਮਿਲੀ ਭੁਗਤ ਨਾਲ ਉਹਨਾਂ ਦੀ ਲੜਕੀ ਦਾ ਕਤਲ ਕੀਤਾ ਹੈ। ਇਸ ਮੌਕੇ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਖਟਕੜ, ਜਿਲਾ ਸਕੱਤਰ ਸੰਤੋਸ਼ ਸਿੰਘ ਬਿਲਗਾ, ਪੇਂਡੂ ਮਜ਼ਦੂਰ ਸਭਾ ਦੇ ਨਿਰਮਲ ਸਿੰਘ ਤੇ ਸਤਪਾਲ ਸਹੋਤਾ, ਕਾਂਗਰਸੀ ਆਗੂ ਕੁਲਵਿੰਦਰ ਕੁਮਾਰ ਆਦਿ ਨੇ ਦੋਸ਼ ਲਗਾਇਆ ਕਿ ਮ੍ਰਿਤਕਾ ਦੇ ਸਹੁਰਾ ਪਰਿਵਾਰ ਨੇ ਇੱਕ ਸਾਜਿਸ਼ ਤਹਿਤ ਆਪਣੀ ਨੂੰਹ ਦੀ ਜਾਇਦਾਦ ਹੜੱਪਣ ਲਈ ਉਸ ਨੂੰ ਅਮਰੀਕਾ ਤੋਂ ਭਾਰਤ ਬੁਲਾ ਕੇ ਉਸ ਦਾ ਕਤਲ ਕੀਤਾ ਹੈ। ਉਹਨਾਂ ਇਸ ਮੌਕੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਪਰੰਤ ਪੁਲਿਸ ਵੱਲੋਂ ਵਿਸ਼ਵਾਸ ਦਵਾਉਣ ਤੇ ਰਾਜਦੀਪ ਕੌਰ ਦੇ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ। ਸੁਲਤਾਨਪੁਰ ਲੋਧੀ ਦੇ ਅਡੀਸ਼ਨਲ ਐਸਐਚਓ ਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੀ ਮਾਂ ਨਿਰਮਲ ਕੌਰ ਦੇ ਬਿਆਨ ਤੇ ਉਸ ਦੀ ਬੇਟੀ ਨੂੰ ਭਾਰਤ ਬੁਲਾ ਕੇ ਕਥਿਤ ਤੌਰ ਤੇ ਕਤਲ ਕਰਨ ਦੇ ਦੋਸ਼ ਹੇਠ ਉਸਦੇ ਪਤੀ ਮਨਜਿੰਦਰ ਸਿੰਘ, ਸਸ ਦਲਜੀਤ ਕੌਰ ਅਤੇ ਸਹੁਰਾ ਜਗਦੇਵ ਸਿੰਘ ਪੁੱਤਰ ਅਜੀਤ ਸਿੰਘ ਦੇ ਵਿਰੁੱਧ ਕਤਲ ਦੀਆਂ ਵੱਖ-ਵੱਖਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਆਪਣੀ ਨੂੰਹ ਰਾਜਦੀਪ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ, ਇਸ ਕਰਕੇ ਦੋਵਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਜਦਕਿ ਮ੍ਰਿਤਕਾ ਦਾ ਪਤੀ ਅਜੇ ਵਿਦੇਸ਼ ਵਿੱਚ ਹੀ ਹੈ। ਪੁਲਿਸ ਵੱਲੋਂ ਹੱਤਿਆ ਦਾ ਕਾਰਨ ਪਤਾ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।
4. ਮ੍ਰਿਤਕਾ ਰਾਜਦੀਪ ਕੌਰ ਦੀ ਫਾਈਲ ਫੋਟੋ।