ਸੁਲਤਾਨਪੁਰ ਲੋਧੀ , 8 ਮਾਰਚ ( ਲਾਡੀ, ਚੌਧਰੀ ) ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਮੋਟਰ ਸਾਈਕਲ , ਸਕੂਟਰਾਂ ਤੇ ਹੋਰ ਵਸਤਾਂ ਦੀਆਂ ਹੋ ਰਹੀਆਂ ਚੋਰੀਆਂ ਤੇ ਇਲਾਕੇ ਵਿਚ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਕਾਰਨ ਜਿੱਥੇ ਆਮ ਜਨਤਾ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ , ਉੱਥੇ ਪੁਲਸ ਵੱਲੋਂ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਦੇ ਹੱਲ ਲਈ ਕੋਈ ਠੋਸ ਉਪਰਾਲੇ ਨਾ ਕਰਨ ਕਾਰਨ ਜਨਤਾ ਵਿਚ ਰੋਸ ਹੈ । ਸ਼ਹਿਰ ਵਿਚ ਅਮਨ ਕਾਨੂੰਨ ਦੇ ਹਾਲਾਤ ਏਨੇ ਖੁਰਾਬ ਹੋ ਚੁੱਕੇ ਹਨ ਕਿ ਸ਼ਹਿਰ ਦੇ ਮੰਦਰ ਭਾਰਾ ਮੱਲ ਨੇੜੇ ਆਯੋਜਿਤ ਧਾਰਮਿਕ ਮੇਲੇ ਦੌਰਾਨ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਖਜਾਨਚੀ ਤੇ ਪੱਤਰਕਾਰ ਰਾਕੇਸ਼ ਕੁਮਾਰ ਦੇ ਚੋਰੀ ਹੋਏ ਬੁਲਟ ਮੋਟਰ ਸਾਈਕਲ ਸਬੰਧੀ ਵੀ ਇਕ ਹਫਤਾ ਐਫ.ਆਈ. ਆਰ ਦਰਜ ਨਹੀ ਕੀਤੀ ਗਈ ਤੇ ਜਦੋਂ ਅੱਜ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਸੱਦੀ ਗਈ ਤਾਂ ਮੀਟਿੰਗ ਦੇ ਸ਼ੁਰੂ ਹੁੰਦੇ ਹੀ ਪੁਲਸ ਵੱਲੋਂ ਐਫ.ਆਈ.ਆਰ. ਦਰਜ ਕਰਕੇ ਵਟਸਐਪ ਰਾਹੀਂ ਕੁਝ ਪੱਤਰਕਾਰਾਂ ਨੂੰ ਭੇਜ ਦਿੱਤੀ ਗਈ ।
ਇਸ ਸਬੰਧੀ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਅਹਿਮ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਭਵਨ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਦੀ ਅਗਵਾਈ ਤੇ ਜਨਰਲ ਸਕੱਤਰ ਲਕਸ਼ਮੀ ਨੰਦਨ ਦੀ ਦੇਖ ਰੇਖ ਵਿਚ ਹੋਈ ।
ਮੀਟਿੰਗ ਵਿਚ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾਂ ਤੇ ਸਰਗਰਮ ਮੈਂਬਰਾਂ ਨੇ ਐਸੋਸੀਏਸ਼ਨ ਦੇ ਖਜਾਨਚੀ ਰਾਕੇਸ਼ ਕੁਮਾਰ ਦਾ ਮੋਟਰ ਸਾਈਕਲ ਚੋਰੀ ਹੋਣ ਤੇ ਦਿੱਤੀ ਸ਼ਿਕਾਇਤ ਤੇ ਸਮੇ ਸਿਰ ਕੋਈ ਵੀ ਕਾਰਵਾਈ ਨਾ ਕਰਨ ਦੀ ਸਖਤ ਨਿਖੇਧੀ ਕੀਤੀ ਗਈ ਤੇ ਪੁਲਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਕਿ ਅਗਰ ਇਕ ਹਫਤੇ ਵਿਚ ਮੋਟਰ ਸਾਈਕਲ ਚੋਰ ਕਾਬੂ ਕਰਕੇ ਮੋਟਰ ਸਾਈਕਲ ਬ੍ਰਾਂਮਦ ਨਾ ਕੀਤਾ ਗਿਆ ਤਾਂ ਆਮ ਲੋਕਾਂ ਦੇ ਸਹਿਯੋਗ ਨਾਲ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ ।
ਇਸ ਸਮੇ ਰਾਕੇਸ਼ ਕੁਮਾਰ ਨੇ ਹਾਜਰ ਸਮੂਹ ਪੱਤਰਕਾਰਾਂ ਨੂੰ ਦੱਸਿਆ ਕਿ ਦਰਗਾਹ ਬਾਬਾ ਲਾਲਾਂ ਵਾਲਾ ਪੀਰ ਵਿਖੇ ਸਲਾਨਾ ਮੇਲਾ 1 ਮਾਰਚ ਨੂੰ ਮਨਾਇਆ ਗਿਆ ਤੇ ਇਸ ਸਮੇਂ ਮੰਦਰ ਭਾਰਾ ਮੱਲ ਵਿਖੇ ਵੱਖ ਵੱਖ ਗਾਇਕ ਆਏ ਸਨ ਤੇ ਉਸ ਇਕ ਮਾਰਚ ਦੀ ਰਾਤ ਨੂੰ ਮੇਰਾ ਬੁਲਟ ਮੋਟਰ ਸਾਈਕਲ ਚੋਰੀ ਹੋ ਗਿਆ ਸੀ।ਜਿਸ ਸਬੰਧੀ ਮੇਲਾ ਪ੍ਰਬੰਧਕਾਂ ਨੂੰ ਨਾਲ ਲੈ ਕੇ ਮੈ ਖੁਦ ਲਿਖਤੀ ਸ਼ਿਕਾਇਤ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੂੰ ਦਿੱਤੀ ਪਰ ਕਿਸੇ ਨੇ ਕੋਈ ਧਿਆਨ ਨਹੀ ਦਿੱਤਾ । ਉਨ੍ਹਾਂ ਦੱਸਿਆ ਕਿ ਫਿਰ ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਆਗੂ ਮੈਂਬਰ ਨਾਲ ਲੈ ਕੇ ਡੀ.ਐਸ.ਪੀ. ਸੁਲਤਾਨਪੁਰ ਲੋਧੀ ਨੂੰ ਮਿਲੇ ਤੇ ਚੋਰੀ ਦੀ ਵਾਰਦਾਤ ਬਾਰੇ ਤੁਰੰਤ ਕਾਰਵਾਈ ਦੀ ਮੰਗ ਕੀਤੀ । ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਮੈ ਖੁਦ ਸਾਥੀਆਂ ਦੀ ਮੱਦਦ ਨਾਲ ਸ਼ਹਿਰ ਦੇ ਵੱਖ ਵੱਖ ਦੁਕਾਨਾਂ ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈਕ ਕੀਤੇ ਤੇ ਦੇਖਿਆ ਕਿ ਮੰਦਰ ਭਾਰਾ ਮੱਲ ਤੋਂ ਚੋਰ ਜਿਨ੍ਹਾਂ ਦੇ ਚਿਹਰੇ ਵੀ ਦਿਖਾਈ ਦਿੰਦੇ ਹਨ ,ਉਹ ਮੋਟਰ ਸਾਈਕਲ ਰੇਹੜ ਕੇ ਚੌਕ ਚੇਲਿਆਂ ਵਾਲਾ ਤੱਕ ਲੈ ਕੇ ਆਏ ਸਨ । ਜਿਸ ਸਬੰਧੀ ਸੀ.ਸੀ.ਟੀ.ਵੀ. ਕੈਮਰੇ ਦੀ ਫੂਟੇਜ ਵੀ ਪੁਲਸ ਨੂੰ ਦਿੱਤੀ ਗਈ ।ਪਰ ਇਸਦੇ ਬਾਵਜੂਦ ਵੀ ਪੁਲਸ ਨੇ ਕੋਈ ਕਾਰਵਾਈ ਕਰਨ ਦੀ ਲੋੜ ਨਹੀ ਸਮਝੀ ।ਦਿ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਪੁਲਸ ਦੀ ਢਿਲਮੱਠ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਗਰ ਮੌਕੇ ਤੇ ਪੁਲਸ ਕਾਰਵਾਈ ਕਰਦੀ ਤਾਂ ਚੋਰ ਕਾਬੂ ਆ ਸਕਦੇ ਸਨ । ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਇਲਾਕੇ ਵਿਚ ਤੇ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਹੋ ਰਹੀਆਂ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਆਮ ਜਨਤਾ ਵਿਚ ਦਹਿਸ਼ਤ ਦਾ ਮਾਹੌਲ ਹੈ । ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰੋ ਤੇ ਹੋਰ ਵੱਖ ਵੱਖ ਧਾਰਮਿਕ ਸਥਾਨਾਂ ਮੁਹਰੇ ਸੰਗਤਾਂ ਨਾਲ ਰੋਜ਼ਾਨਾ ਛੋਟੀ ਮੋਟੀ ਲੁੱਟ ਖੋਹ ਹੋ ਰਹੀ ਹੈ।ਪਰ ਲੋਕ ਹੁਣ ਪੁਲਸ ਕੋਲ ਇਹ ਸੋਚ ਕੇ ਸ਼ਿਕਾਇਤ ਨਹੀ ਕਰਦੇ ਕਿ ਸਾਡੀ ਕਿਹੜਾ ਕੋਈ ਸੁਣਵਾਈ ਹੋਣੀ ਹੈ ।
ਇਸ ਮੀਟਿੰਗ ਵਿਚ ਪ੍ਰਧਾਨ ਸੁਰਿੰਦਰਪਾਲ ਸਿੰਘ , ਜਨਰਲ ਸਕੱਤਰ ਲਕਸ਼ਮੀ ਨੰਦਨ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਾਡੀ, ਮੀਤ ਪ੍ਰਧਾਨ ਵਰੁਣ ਸ਼ਰਮਾ , ਬਲਵਿੰਦਰ ਸਿੰਘ ਧਾਲੀਵਾਲ , ਜਤਿੰਦਰ ਸੇਠੀ ਮੀਤ ਪ੍ਰਧਾਨ , ਅਨੁਸ਼ਾਸ਼ਨੀ ਕਮੇਟੀ ਦੇ ਆਗੂ ਸਤਪਾਲ ਕਾਲਾ , ਸਿਮਰਨ ਸਿੰਘ ਸੰਧੂ ਖਜਾਨਚੀ , ਰਾਕੇਸ਼ ਕੁਮਾਰ ਖਜਾਨਚੀ, ਨਰੇਸ਼ ਹੈਪੀ ਮੁੱਖ ਸਲਾਹਕਾਰ ਪ੍ਰੈਸ ਕਲੱਬ , ਅਸ਼ਵਨੀ ਜੋਸ਼ੀ, ਚੰਦਰ ਮੜ੍ਹੀਆ, ਮਲਕੀਤ ਕੌਰ, ਅਮਰਜੀਤ ਸਿੰਘ , ਅਰਵਿੰਦ ਪਾਠਕ ਸੰਯੁਕਤ ਸਕੱਤਰ , ਕੁਲਵਿੰਦਰ ਸਿੰਘ ਲਾਡੀ, ਗੁਰਪਿੰਦਰ ਸਿੰਘ ਜੱਗੂ, ਦੀਪਕ ਸ਼ਰਮਾ , ਨਿਰਮਲ ਸਿੰਘ ਹੈਪੀ, ਓਮ ਪ੍ਰਕਾਸ਼ , ਕੁਲਬੀਰ ਸਿੰਘ ਮਿੰਟੂ, ਗੁਰਮਿੰਦਰਪਾਲ ਸਿੰਘ ਕੰਡਾ, ਅਮਰਜੀਤ ਸਿੰਘ ਢੋਟ ਤੇ ਸ਼ਰਨਜੀਤ ਸਿੰਘ ਆਦਿ ਹੋਰਨਾਂ ਮੈਂਬਰਾਂ ਸ਼ਿਰਕਤ ਕੀਤੀ ।ਮੀਟਿੰਗ ਦੇ ਆਰੰਭ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਗਈ ।