ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
ਹੋਲੇ ਮਹੱਲੇ ਤੇ ਮੈਂ ਖਾਲਸੇ ਦੀ ਜਨਮ ਭੂਮੀ ਤੇ ਜਰੂਰ ਜਾਵਾਂਗਾ -ਸਿੰਘ ਸਾਹਿਬ ਗੜਗੱਜ
ਮੈਂ ਸਿੱਖ ਪੰਥ ਦਾ ਹਾਂ ਤੇ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰਾਂਗਾ -- ਜਥੇਦਾਰ ਗੜਗੱਜ
ਸੁਲਤਾਨਪੁਰ ਲੋਧੀ, 12 ਮਾਰਚ(ਲਾਡੀ,ੳ.ਪੀ ਚੌਧਰੀ )
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਣਾਏ ਜੱਥੇਦਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਬਣਾਏ ਗਏ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਇਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ। ਜਿਸ ਉਪਰੰਤ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਅਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਵੱਲੋਂ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ।
ਉਪਰੰਤ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੀਟਿੰਗ ਹਾਲ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਿਆਨੀ ਕੁਲਦੀਪ ਸਿੰਘ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਤੁਹਾਡੀ ਸਥਾਪਨਾ ਦੌਰਾਨ ਗੁਰਮਤਿ ਮਰਿਆਦਾ ਦੀ ਉਲੰਘਣਾ ਹੋਣ ਸਬੰਧੀ ਸਾਬਕਾ ਜਥੇਦਾਰਾਂ ਤੇ ਪੰਥ ਦੀਆਂ ਕਈ ਹੋਰ ਧਾਰਮਿਕ ਹਸਤੀਆਂ ਨੇ ਇਤਰਾਜ ਉਠਾਇਆ ਹੈ ਤਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੋਈ ਵੀ ਕੁਮੈਂਟ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਸੀਂ ਸਾਰੇ ਹੀ ਇੱਕ ਗੁਰੂ ਪੰਥ ਦਾ ਹਿੱਸਾ ਹਾਂ ਤੇ ਗੁਰੂ ਪੰਥ ਦਾ ਹਿੱਸਾ ਹੋਣ ਦੇ ਨਾਤੇ ਗੁਰੂ ਪੰਥ ਦੇ ਪ੍ਰਤੀ ਸਾਡੇ ਸਾਰਿਆਂ ਦੇ ਬਹੁਤ ਸਾਰੇ ਫਰਜ਼ ਹਨ ਕਿ ਅਸੀਂ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਮਿਲਕੇ ਕੰਮ ਕਰੀਏ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਲੈ ਕੇ ਖੜੇ ਹੋਏ ਸਵਾਲ ਦੇ ਜਵਾਬ 'ਚ ਜਥੇਦਾਰ ਸਾਹਿਬ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਕੋਈ ਵੀ ਨਹੀਂ ਵੰਗਾਰ ਸਕਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਜੀ ਸਰਵਉੱਚ ਹਨ ਤੇ ਅੱਜ ਵੀ ਸਭ ਤੋਂ ਉੱਚੇ ਹਨ ਕਿਉਂਕਿ ਜਿਸਨੂੰ ਸਥਾਪਤ ਹੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਕੀਤਾ ਹੈ। ਉਨਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਜਿਸ ਦਿਨ ਪੰਥ ਨੇ ਸਮਝਿਆ ਕਿ ਮੇਰੇ 'ਚ ਕਮੀਆਂ ਹਨ ਅਤੇ ਮੈਨੂੰ ਸੇਵਾ ਨਹੀਂ ਕਰਨੀ ਚਾਹੀਦੀ, ਉਸੇ ਸਮੇਂ ਮੈਂ ਹੱਥ ਜੋੜ ਕੇ ਸੇਵਾ ਛੱਡ ਦਿਆਂਗਾ ਅਤੇ ਜਿਹੜਾ ਸਾਥੋਂ ਬਾਅਦ ਸਿੰਘ ਸਾਹਿਬ ਲਗਾਇਆ ਜਾਵੇਗਾ, ਮੈਂ ਖੁਦ ਉਸਨੂੰ ਦਸਤਾਰ ਦੇ ਕੇ ਆਵਾਂਗਾ ਕਿਉਂਕਿ ਪਰਿਵਰਤਨ ਸ੍ਰਿਸ਼ਟੀ ਦਾ ਨਿਯਮ ਹੈ ਅਤੇ ਇਸਨੂੰ ਟਾਲਿਆ ਨਹੀਂ ਜਾ ਸਕਦਾ। ਸਿੰਘ ਸਾਹਿਬ ਗੜਗੱਜ ਨੇ ਕਿਹਾ ਕਿ ਉਹ ਸਮੂਹ ਸਾਬਕਾ ਜਥੇਦਾਰ ਸਾਹਿਬਾਨਾਂ ਦਾ ਸਨਮਾਨ ਕਰਦੇ ਹਨ। ਪੰਜਾਬ ਚ ਨਸ਼ਿਆਂ ਦੀ ਵਗ ਰਹੇ ਦਰਿਆ ਨੂੰ ਠੱਲ ਪਾਉਣ ਲਈ ਅਸੀਂ ਸਮੂਹ ਸਾਬਕਾ ਜਥੇਦਾਰ ਸਾਹਿਬਾਨਾਂ ਦੀ ਅਗਵਾਈ ਵਿੱਚ ਪਿੰਡ ਪਿੰਡ ਘਰ ਘਰ ਜਾਵਾਂਗੇ ਤੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਾਂਗੇ। ਉਹਨਾਂ ਕਿਹਾ ਕਿ ਉਹ ਹੋਲੇ ਮਹੱਲੇ ਤੇ ਸ਼੍ਰੀ ਅਨੰਦਪੁਰ ਸਾਹਿਬ ਜਰੂਰ ਜਾਣਗੇ।
36 ਦਿਨਾਂ ਵਿਚ ਤਿੰਨ ਜਥੇਦਾਰਾਂ ਨੂੰ ਪਦਵੀ ਤੋਂ ਹਟਾਉਣ ਦੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੇ ਜਥੇਦਾਰ ਗੜਗੱਜ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਪੰਜਾਬ ਦੇ ਮਾਝੇ -ਮਾਲਵੇ 'ਚ ਹੋ ਰਹੇ ਧਰਮ ਪਰਿਵਰਤਨ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਕਿਹਾ ਕਿ ਧਰਮ ਪਰਿਵਰਤਨ ਦਾ ਮਸਲਾ ਗੰਭੀਰ ਹੈ, ਮੈਂ ਸਮਝਦਾ ਹਾਂ ਕਿ ਇਸ ਮਾਮਲੇ ਚ ਸਾਡੀ ਗੁਰੂ ਤੋਂ ਦੂਰੀ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ ਕਿ ਧਰਮ ਪ੍ਰਚਾਰ ਕਰੀਏ। ਉਨ੍ਹਾਂ ਕਿਹਾ ਕਿ ਆਪਣੇ ਸਾਰੇ ਵੀਰਾਂ ਨੂੰ ਸਮੂਹ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਦਲ ਪੰਥਾਂ, ਨਿਰਮਲ ਸੰਪਰਦਾਵਾਂ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇਕਾਗਰ ਕਰਕੇ ਧਰਮ ਪ੍ਰਚਾਰ ਦੀ ਲਹਿਰ ਚਲਾਈ ਜਾਵੇਗੀ।
ਇਸ ਸਮੇ ਢਾਡੀ ਭਾਈ ਵਰਿੰਦਰ ਸਿੰਘ ਵਾਰਿਸ ਨੇ ਨਵੇ ਜਥੇਦਾਰ ਨੂੰ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਵਿਖੇ ਦਸਤਾਰ ਭੇਂਟ ਕਰਕੇ ਸਨਮਾਨ ਕੀਤਾ। ਇਸ ਮੌਕੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ, ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ, ਮੀਤ ਮੈਨੇਜਰ ਗੁਰਪ੍ਰੀਤ ਸਿੰਘ, ਭਾਈ ਦਿਆਲ ਸਿੰਘ ਹਜੂਰੀ ਰਾਗੀ, ਭੁਪਿੰਦਰ ਸਿੰਘ ਰਿਕਾਰਡ ਕੀਪਰ, ਦਿਲਬਾਗ ਸਿੰਘ ਇੰਚਾਰਜ ਅਖੰਡ ਪਾਠਾਂ, ਜਸਵਿੰਦਰ ਸਿੰਘ ਖਜਾਨਚੀ, ਸਰਵਣ ਸਿੰਘ ਚੱਕ, ਸਲਵੰਤ ਸਿੰਘ ਸਟੋਰ ਕੀਪਰ, ਇੰਦਰਜੀਤ ਸਿੰਘ ਸਟੋਰ ਕੀਪਰ ਬਿਜਲੀ, ਸੁਖਜਿੰਦਰ ਸਿੰਘ ਭਗਤਪੁਰ ਮੀਡੀਆ ਇੰਚਾਰਜ, ਮਨਜੀਤ ਸਿੰਘ, ਸੁਰਜੀਤ ਸਿੰਘ, ਖਜਾਨਚੀ ਸੁਖਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਆਦਿ ਤੋ ਇਲਾਵਾ ਗੁਰਦਵਾਰਾ ਸ਼੍ਰੀ ਬੇਰ ਸਾਹਿਬ ਦਾ ਸਮੂਹ ਸਟਾਫ ਹਾਜ਼ਰ ਸਨ
ਜਥੇਦਾਰ ਕੁਲਦੀਪ ਸਿੰਘ ਗੜਗੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕਹੋਲੇ ਮਹੱਲੇ ਤੇ ਮੈਂ ਖਾਲਸੇ ਦੀ ਜਨਮ ਭੂਮੀ ਤੇ ਜਰੂਰ ਜਾਵਾਂਗਾ -ਸਿੰਘ ਸਾਹਿਬ ਗੜਗੱਜ ਮੈਂ ਸਿੱਖ ਪੰਥ ਦਾ ਹਾਂ ਤੇ ਪੰਥ ਦੀ ਚੜ੍ਹਦੀਕਲਾ ਲਈ ਕੰਮ ਕਰਾਂਗਾ -- ਜਥੇਦਾਰ ਗੜਗੱਜ
By -
March 12, 2025