ਸੁਲਤਾਨਪੁਰ ਲੋਧੀ 2 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ) ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਭੈਣ ਜੀ ਸਤਿਕਾਰਯੋਗ ਧੰਨ ਧੰਨ ਬੇਬੇ ਨਾਨਕੀ ਜੀ ਦਾ 561ਵੇਂ ਜਨਮ ਉਤਸਵ ਜੋੜ ਮੇਲੇ ਦੇ ਦੂਜੇ ਦਿਨ ਅੱਜ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂ.ਕੇ. ਵੱਲੋਂ ਦੇਸ਼ ਵਿਦੇਸ਼ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠਾਂ 15 ਲੋੜਵੰਦ ਧੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਤੇ ਘਰੇਲੂ ਜਰੂਰਤ ਅਨੁਸਾਰ ਸਮਾਨ ਨਵੇਂ ਸੂਟ ,ਬਰਤਨ ,ਸਾਈਕਲ ਤੇ ਹੋਰ ਘਰੇਲੂ ਸਮਾਨ ਟਰੱਸਟ ਵੱਲੋਂ ਧੀਆਂ ਨੂੰ ਭੇਂਟ ਕੀਤਾ ਗਿਆ । ਇਸ ਤੋਂ ਪਹਿਲਾਂ ਸਵੇਰੇ 11 ਵਜੇ ਕਰੀਬ 15 ਅਲੱਗ ਅਲੱਗ ਪਿੰਡਾਂ ਤੋਂ ਬਰਾਤਾਂ ਆਪਣੇ ਲਾੜਿਆਂ ਨਾਲ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਪੁੱਜੀਆਂ ਤੇ ਧੀਆਂ ਦੇ ਮਾਪੇ ਤੇ ਰਿਸ਼ਤੇਦਾਰ ਵੀ ਵੱਡੀ ਗਿਣਤੀ 'ਚ ਪੁੱਜੇ , ਜਿਨ੍ਹਾਂ ਲਈ ਲੰਗਰ ਸੇਵਾਦਾਰਾਂ ਵੱਲੋਂ ਪੂਰਾ ਦਿਨ ਗੁਰੂ ਕੇ ਲੰਗਰ ਤੇ ਪਕੌੜੇ,ਮਿਠਿਆਈਆਂ ਦੀ ਅਤੁੱਟ ਸੇਵਾ ਕੀਤੀ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਾਰੇ 15 ਵਿਆਹ ਵਾਲਿਆਂ ਜੋੜਿਆਂ (ਲੜਕੇ ਤੇ ਲੜਕੀ) ਨੂੰ ਸਤਿਗੁਰੂ ਜੀ ਦੇ ਸਾਹਮਣੇ ਬਿਠਾਇਆ ਗਿਆ ਤੇ ਭਾਈ ਅਮਰਦੀਪ ਸਿੰਘ ਦੇ ਹਜੂਰੀ ਰਾਗੀ ਜਥੇ ਵੱਲੋਂ ਲਾਵਾਂ ਦਾ ਪਾਠ ਤੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ ਗਏ । ਭਾਈ ਤਰਸੇਮ ਸਿੰਘ ਖਾਲਸਾ ਹੈੱਡ ਗ੍ਰੰਥੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਹੁਕਮਨਾਮਾ ਸਰਵਣ ਕਰਵਾਇਆ ਤੇ ਚਾਰ ਲਾਵਾਂ ਦੀ ਬਾਣੀ ਸੁਣਾਈ ਗਈ ।ਇਸ ਸਮੇ ਸਟੇਜ ਸਕੱਤਰ ਭਾਈ ਜੇ.ਪੀ. ਸਿੰਘ ਨੇ ਦੱਸਿਆ ਕਿ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਸੰਸਥਾਪਕ ਤੇ ਮਹਾਨ ਪਰਉਪਕਾਰੀ ਸੱਚਖੰਡ ਵਾਸੀ ਬੀਬੀ ਬਲਵੰਤ ਕੌਰ ਜੀ ਯੂਕੇ ਵਾਲਿਆਂ ਵੱਲੋਂ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਇੰਗਲੈਂਡ ਤੇ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਧੀਆਂ ਦੇ ਵਿਆਹ ਕਰਨ ਦੀ ਸੇਵਾ ਆਰੰਭ ਕੀਤੀ ਗਈ ਸੀ । ਉਸੇ ਲੜੀ ਤਹਿਤ ਹੀ ਅੱਜ 15 ਜੋੜਿਆਂ ਦੇ ਪੂਰਨ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਏ ਗਏ ਹਨ । ਇਸ ਸਮੇਂ ਅਨੰਦ ਕਾਰਜ ਉਪਰੰਤ ਧੀਆਂ ਨੂੰ ਸ਼ਗਨ ਦਿੰਦੇ ਹੋਏ ਬੇਬੇ ਨਾਨਕੀ ਟਰੱਸਟ ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ ਯੂਕੇ ਤੇ ਮੈਨੇਜਰ ਗੁਰਦਿਆਲ ਸਿੰਘ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ ਤੇ ਸਹਿਯੋਗ ਲਈ ਧੰਨਵਾਦ ਕੀਤਾ । ਇਸ ਮੌਕੇ ਬਾਬਾ ਜਸਪਾਲ ਸਿੰਘ ਨੀਲਾ , ਮੀਤ ਮੈਨੇਜਰ ਭਾਈ ਜਸਵੰਤ ਸਿੰਘ,ਟਰੱਸਟ ਦੇ ਸੈਕਟਰੀ ਭਾਈ ਜਤਿੰਦਰਪਾਲ ਸਿੰਘ , ਟਰੱਸਟੀ ਮੈਂਬਰ ਜਥੇ ਪਰਮਿੰਦਰ ਸਿੰਘ ਖਾਲਸਾ, ਮਾਸਟਰ ਪ੍ਰਭਦਿਆਲ ਸਿੰਘ, ਭਾਈ ਹਰਜਿੰਦਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਭਾਈ ਹਰਜੀਤ ਸਿੰਘ ਪ੍ਰਚਾਰਕ, ਹਰਜਿੰਦਰ ਸਿੰਘ ਲਾਡੀ, ਅਜੀਤ ਸਿੰਘ ਯੂ.ਕੇ. ਟਰੱਸਟੀ ਮੈਂਬਰ, ਬੀਬੀ ਬਿਮਲਾ ਰਾਣੀ , ਬੀਬੀ ਨਿਰਮਲ ਕੌਰ ਫੁੱਲ , ਬੀਬੀ ਜਸਬੀਰ ਕੌਰ ਸੀਹਰਾ, ਬੀਬੀ ਲਖਵਿੰਦਰ ਕੌਰ ਲਾਇਲ, ਬੀਬੀ ਮਹਿੰਦਰ ਕੌਰ ਚਾਨਾ, ਪਿਆਰ ਕੌਰ ਸੀਹਰਾ, ਬੀਬੀ ਜਗੀਰ ਕੌਰ ਯੂਕੇ, ਦਿਲਦਾਰ ਸਿੰਘ, ਬੀਬੀ ਰਾਜਵਿੰਦਰ ਕੌਰ , ਬੀਬੀ ਮਨਜੀਤ ਕੌਰ, ਬੀਬੀ ਜਸਵਿੰਦਰ ਕੌਰ ਨੇ ਸ਼ਗਨ ਦੇ ਰੂਪ 'ਚ ਮਾਇਆ ਧੀਆਂ ਦੀ ਝੋਲੀ ਪਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ । ਇਸ ਸਮੇਂ ਸਮਾਗਮ ਵਿੱਚ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਸ਼ਿਰਕਤ ਕੀਤੀ ਗਈ।
ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਵੱਲੋਂ 15 ਲੋੜਵੰਦ ਧੀਆਂ ਦੇ ਕਰਵਾਏ ਸਮੂਹਿਕ ਵਿਆਹ
By -
April 02, 2025