ਲੋਕਾਂ ਦੀ ਸਹੂਲਤ ਲਈ ਹਰੇਕ ਡਰਾਈਵਿੰਗ ਟੈਸਟ ਟਰੈਕ ਉੱਪਰ ਹੋਵੇਗੀ 2 ਵਾਧੂ ਮੁਲਾਜਮਾਂ ਦੀ ਤਾਇਨਾਤੀ-ਲਾਲਜੀਤ ਸਿੰਘ ਭੁੱਲਰ

B11 NEWS
By -
ਫਗਵਾੜਾ, 28 ਅਪ੍ਰੈਲ (ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)
ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਹੈ ਕਿ ਲੋਕਾਂ ਨੂੰ ਲਰਨਿੰਗ ਤੇ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਸੂਬੇ ਭਰ ਵਿਚ ਹਰੇਕ ਡਰਾਈਵਿੰਗ ਟੈਸਟ ਟਰੈਕ ਉੱਪਰ 2 ਵਾਧੂ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਜਲਦ ਹੀ ਪੰਜਾਬ ਦੇ ਸਾਰੇ 32 ਡਰਾਈਵਿੰਗ ਟੈਸਟ ਟਰੈਕਾਂ ਉੱਪਰ 64 ਹੋਰ ਕਰਮਚਾਰੀ ਤਾਇਨਾਤ ਹੋਣਗੇ ਜੋ ਕਿ ਲੋਕਾਂ ਨੂੰ ਕੇਵਲ ਸਰਕਾਰੀ ਫੀਸ ਮੁਤਾਬਿਕ ਹੀ ਲਰਨਿੰਗ ਤੇ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਗੇ।
ਅੱਜ ਫਗਵਾੜਾ ਵਿਖੇ ਡਰਾਈਵਿੰਗ ਟੈਸਟ ਟਰੈਕ ਉੱਪਰ ਅਚਾਨਕ ਪੁੱਜੇ ਟਰਾਂਸਪੋਰਟ ਮੰਤਰੀ ਵਲੋਂ ਟਰੈਕ ਉੱਪਰ ਲਾਇਸੈਂਸ ਬਣਵਾਉਣ ਪੁੱਜੇ ਲੋਕਾਂ  ਨਾਲ ਗੱਲਬਾਤ ਕਰਕੇ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ। ਉਨ੍ਹਾਂ  ਟਰੈਕ ਉੱਪਰ ਜਾ ਕੇ ਐਸ.ਡੀ.ਐਮ. ਜਸ਼ਨਜੀਤ ਸਿੰਘ ਤੇ ਆਰ ਟੀ ਓ ਮੇਜਰ ਇਰਵਿਨ ਕੌਰ ਨੂੰ ਮੌਕੇ ’ਤੇ ਬੁਲਾਇਆ।
ਟਰੈਕ ਉੱਪਰ ਲਾਇਸੈਂਸ ਬਣਵਾਉਣ ਲਈ ਆਏ ਲੋਕਾਂ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਰਨਿੰਗ ਲਾਇਸੈਂਸ ਲਈ 500 ਰੁਪੈ ਤੇ ਪੱਕੇ  ਡਰਾਈਵਿੰਗ ਲਾਇਸੈਂਸ ਲਈ 1385 ਰੁਪੈ ਫੀਸ ਨਿਰਧਾਰਿਤ ਕੀਤੀ ਗਈ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏੇਜੰਟਾਂ ਦੇ ਚੁੰਗਲ ਵਿਚ ਨਾ ਫਸਣ ਤੇ ਪੰਜਾਬ ਸਰਕਾਰ ਵਲੋਂ ਲਾਇਸੈਂਸ ਬਣਵਾਉਣ ਲਈ  ਆਨਲਾਇਨ ਬਿਨੈਪੱਤਰ ਦੇਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ, ਜਿਸਦਾ ਲੋਕ ਲਾਭ ਲੈਣ।
ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਲਾਇਸੈਂਸਾਂ, ਆਰ.ਸੀਜ਼ ਆਦਿ ਦਾ ਸਮਾਂ ਬੱਧ ਨਿਪਟਾਰਾ ਯਕੀਨੀ ਬਣਾਉਣ ਤਾਂ ਜ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਨਿੱਜੀ ਤੌਰ ’ਤੇ ਹਰ ਹਫਤੇ ਡਰਾਈਵਿੰਗ ਟੈਸਟ ਟਰੈਕਾਂ ਦਾ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਲੈਣ।
ਇਸ ਮੌਕੇ ਐਸ.ਡੀ.ਐਮ. ਜਸ਼ਨਜੀਤ ਸਿੰਘ, ਆਰ.ਟੀ.ਓ. ਮੇਜਰ ਇਰਵਿਨ ਕੌਰ ਤੇ ਹੋਰ ਹਾਜ਼ਰ ਸਨ।