ਸੁਲਤਾਨਪੁਰ ਲੋਧੀ , 13 ਅਪ੍ਰੈਲ (ਲਾਡੀ,ਦੀਪ ਚੌਧਰੀ, ੳ.ਪੀ ਚੌਧਰੀ ) ਖਾਲਸਾ ਸਾਜਣਾ ਦਿਵਸ ਵਿਸਾਖੀ ਦੇ ਪਾਵਨ ਜੋੜ ਮੇਲੇ ਤੇ ਸ਼ੰਗਰਾਂਦ ਦੇ ਦਿਹਾੜੇ ਤੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਦੇਸ਼-ਵਿਦੇਸ਼ ਤੋਂ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ ।ਸੰਗਤਾਂ ਦੀ ਭਾਰੀ ਗਿਣਤੀ ਹੋਣ ਕਾਰਨ ਬਹੁਤ ਜਿਆਦਾ ਗੱਡੀਆਂ ਦੇ ਜਾਮ ਲੱਗੇ ਰਹੇ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੁੱਖ ਦਰਬਾਰ ਸਾਹਿਬ ਮੁਹਰੇ ਵੀ ਦੂਰ ਦੂਰ ਤੱਕ ਸੰਗਤਾਂ ਬੜੀ ਸ਼ਰਧਾ ਨਾਲ ਖੜ੍ਹੀਆਂ ਹੋ ਕੇ ਵਾਹਿਗੁਰੂ ਸਿਮਰਨ ਕਰਦੀਆਂ ਰਹੀਆਂ ।
ਅੱਜ ਸਵੇਰੇ ਅੰਮ੍ਰਿਤ ਵੇਲੇ ਸ਼ਰਧਾਲੂਆਂ ਵੱਲੋਂ ਬੇਰ ਸਾਹਿਬ ਦੇ ਦਰਬਾਰ ਦੀ ਇਸ਼ਨਾਨ ਦੀ ਸੇਵਾ ਕਰਵਾਈ ਤੇ ਉਪਰੰਤ ਸੁੰਦਰ ਰੁਮਾਲੇ ਲਗਾ ਕੇ ਪਾਵਨ ਦਰਬਾਰ ਸਜਾਇਆ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦਾ ਪ੍ਰਕਾਸ਼ ਕਰਨ ਸਮੇ ਰੋਜ਼ਾਨਾ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਤੇ ਹੋਰ ਸੰਗਤਾਂ ਫੁੱਲਾਂ ਦੀ ਵਰਖਾ ਕੀਤੀ ਤੇ ਮਿਲ ਕੇ ਗੁਰਬਾਣੀ ਦਾ ਸਿਮਰਨ ਕੀਤਾ ।ਉਪਰੰਤ ਗਿਆਨੀ ਅਵਤਾਰ ਸਿੰਘ ਨੇ ਸੰਗਤਾਂ ਨੂੰ ਪੰਜ ਬਾਣੀਆਂ ਦਾ ਪਾਠ ਸਰਵਣ ਕਰਵਾਇਆ । ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਸਜੇ ਦਰਬਾਰ ਵਿਚ ਗੁਰਬਾਣੀ ਦੀ ਕਥਾ ਭਾਈ ਕਰਨਜੀਤ ਸਿੰਘ ਆਹਲੀ ਨੇ ਸੁਣਾਈ ।
ਇਸਦੇ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਖਾਲਸਾ ਸਾਜਣਾ ਦਿਵਸ ਦੀ ਖੁਸ਼ੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਉਪਰੰਤ ਭਾਈ ਦਿਆਲ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਸੁਣਾਇਆ ।
ਇਸ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਆਯੋਜਿਤ ਸਮਾਗਮ ਦੌਰਾਨ ਹਜਾਰਾਂ ਸੰਗਤਾਂ ਨੂੰ ਗੁਰਬਾਣੀ ਦਾ ਰਸਭਿੰਨਾ ਕੀਰਤਨ ਭਾਈ ਰਣਜੀਤ ਸਿੰਘ ਸੱਭਰਾ ਦੇ ਰਾਗੀ ਜਥੇ ਤੇ ਭਾਈ ਲਖਵੀਰ ਸਿੰਘ ਦੇ ਰਾਗੀ ਜਥੇ ਨੇ ਸਰਵਣ ਕਰਵਾਇਆ ।
ਇਸ ਉਪਰੰਤ ਬੇਰ ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਦੀ ਦੇਖ ਰੇਖ 'ਚ ਭਾਈ ਮਰਦਾਨਾ ਜੀ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ ।ਜਿਸ ਵਿਚ ਗੁ. ਬੇਰ ਸਾਹਿਬ ਦੇ ਹਜੂਰੀ ਵਿਦਵਾਨ ਕਥਾ ਵਾਚਕ ਭਾਈ ਕਰਨਜੀਤ ਸਿੰਘ ਆਹਲੀ ਨੇ ਵਿਸਾਖੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ । ਇਸ ਸਮੇਂ ਵੱਖ ਵੱਖ ਰਾਗੀ , ਕਵੀਸ਼ਰੀ ਤੇ ਕਥਾ ਵਾਚਕ ਸਾਹਿਬਾਨ ਨੇ ਹਾਜਰੀ ਭਰੀ ਤੇ ਗੁਰੂ ਜਸ਼ ਸਰਵਣ ਕਰਵਾਇਆ ।
ਵਿਸਾਖੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਵੱਡੀ ਗਿਣਤੀ ਸੰਗਤਾਂ ਵੱਲੋਂ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ ਦੇ ਅੰਦਰ ਬਣੇ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਗੁਰਬਾਣੀ ਦਾ ਅਨੰਦ ਮਾਣਿਆ ।
ਇਸ ਸਮੇ ਸਮਾਗਮ ਦੌਰਾਨ ਮੈਨੇਜਰ ਅਵਤਾਰ ਸਿੰਘ ਨੇ ਜੋੜ ਮੇਲੇ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਗੁਰੂ ਕੇ ਅਤੁੱਟ ਲੰਗਰ ਲਗਾਏ ਗਏ ਤੇ ਸੰਗਤਾਂ ਨਾਲ ਪੂਰਾ ਦਿਨ ਲੰਗਰ ਹਾਲ ਵਾਰ ਵਾਰ ਭਰਦੇ ਰਹੇ । ਸੈਕੜੇ ਲੰਗਰ ਸੇਵਾਦਾਰਾਂ ਗੁਰੂ ਚਰਨਾਂ ਵਿਚ ਸੇਵਾ ਨਿਭਾਈ । ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਨੇ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕੀਤੀ ।
ਇਸ ਸਮੇਅਵਤਾਰ ਸਿੰਘ ਮੈਨੇਜਰ, ਸ੍ਰ ਗੁਰਪ੍ਰੀਤ ਸਿੰਘ ਐਡੀਸ਼ਨਲ ਮੈਨੇਜਰ, ਸ੍ਰ ਦਿਲਬਾਗ ਸਿੰਘ ਇੰਚਾਰਜ ਅਖੰਡਪਾਠਾਂ, ਗਿਆਨੀ ਸਤਨਾਮ ਸਿੰਘ ਹੈੱਡ ਗ੍ਰੰਥੀ,ਗਿਆਨੀ ਅਵਤਾਰ ਸਿੰਘ ਗ੍ਰੰਥੀ , ਭਾਈ ਕਸ਼ਮੀਰ ਸਿੰਘ ਗ੍ਰੰਥੀ , ਭਾਈ ਹਰਜਿੰਦਰ ਸਿੰਘ ਗ੍ਰੰਥੀ ,ਭਾਈ ਦਿਆਲ ਸਿੰਘ ਹਜ਼ੂਰੀ ਰਾਗੀ, ਤੋ ਇਲਾਵਾ ਸੰਗਤਾਂ ਹਾਜ਼ਰ ਸਨ।
ਖਾਲਸਾ ਸਾਜਣਾ ਦਿਵਸ ਵਿਸਾਖੀ ਦੇ ਜੋੜ ਮੇਲੇ ਮੌਕੇ ਗੁ. ਬੇਰ ਸਾਹਿਬ ਵਿਖੇ ਦੂਰ ਦੂਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ , ਸਜੇ ਸੁੰਦਰ ਦੀਵਾਨਾਂ ਚ ਰਾਗੀ, ਕਵੀਸ਼ਰੀ ਤੇ ਢਾਡੀ ਜਥਿਆਂ ਸੁਣਾਇਆ ਗੁਰੂ ਜਸ਼ -----
By -
April 13, 2025