ਸੁਲਤਾਨਪੁਰ ਲੋਧੀ,17ਅਪ੍ਰੈਲ( ਲਾਡੀ,ਦੀਪ ਚੌਧਰੀ,ੳ.ਪੀ ਚੌਧਰੀ)
ਬੀਤੇ ਦਿਨੀਂ ਸੁਲਤਾਨਪੁਰ ਲੋਧੀ ਨੇੜੇ ਸੇਚਾ ਪਿੰਡ ਵਿਖੇ ਗ੍ਰੰਥੀ ਸਿੰਘ ਜੀਤ ਸਿੰਘ ਅਤੇ ਉਨ੍ਹਾਂ ਦੀ ਬਜ਼ੁਰਗ ਮਾਤਾ ਨੂੰ ਕੁਝ ਵਿਅਕਤੀਆਂ ਨੇ ਗੰਭੀਰ ਸੱਟਾਂ ਮਾਰੀਆਂ ਸਨ। ਇਸ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸੁਲਤਾਨਪੁਰ ਲੋਧੀ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਉਨ੍ਹਾਂ ਨੂੰ ਮਿਲਣ ਪਹੁੰਚੇ ਅਤੇ ਸਿਹਤ ਦਾ ਹਾਲ ਜਾਣਿਆ। ਪੀੜਤ ਸਿੱਖ ਪਰਿਵਾਰ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਦਿੱਤੀ ਕਿ ਸੇਚਾ ਪਿੰਡ ਵਿੱਚ ਵੱਡੇ ਪੱਧਰ ਉੱਤੇ ਨਸ਼ੇ ਦਾ ਵਪਾਰ ਹੁੰਦਾ ਹੈ ਅਤੇ ਗ੍ਰੰਥੀ ਸਿੰਘ ਨੇ ਦੋਸ਼ੀ ਵਿਅਕਤੀਆਂ ਨੂੰ ਜੋ ਕਿ ਕਥਿਤ ਤੌਰ ਉੱਤੇ ਨਸ਼ੇ ਦਾ ਕੰਮ ਕਰਦੇ ਹਨ ਗੁਰੂ ਘਰ ਦੀ ਹਦੂਦ ਅੰਦਰ ਗੱਡੀ ਖੜ੍ਹਾਉਣ ਤੋਂ ਰੋਕਿਆ ਸੀ, ਜਿਸ ਕਰਕੇ ਗ੍ਰੰਥੀ ਸਿੰਘ ਤੇ ਉਸਦੀ ਮਾਤਾ ਨਾ ਕੁੱਟਮਾਰ ਕੀਤੀ ਗਈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਵਿੱਚ ਦੋਸ਼ੀ ਵਿਅਕਤੀਆਂ ਦੇ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ। ਉਨ੍ਹਾਂ ਕਿਹਾ ਗ੍ਰੰਥੀ ਸਿੰਘ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ਇਸ ਲਈ ਦੋਸ਼ੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਧਾਰਾਵਾਂ ਤਹਿਤ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪੀੜਤ ਸਿੱਖ ਪਰਿਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫੋਂ ਹਰ ਪੱਧਰ ਉੱਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਪੰਜਾਬ ਦੇ ਸੁਭਾਅ ਵਿੱਚ ਨਹੀਂ ਹੈ ਕਿ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨਾਲ ਇਸ ਤਰ੍ਹਾਂ ਕੁੱਟਮਾਰ ਕੀਤੀ ਜਾਵੇ, ਇਸ ਲਈ ਸਾਨੂੰ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਜਥੇਦਾਰ ਗੜਗੱਜ ਨੇ ਕਪੂਰਥਲਾ ਦੇ ਪੁਲਿਸ ਕਪਤਾਨ ਸ੍ਰੀ ਗੌਰਵ ਤੂਰਾ ਨਾਲ ਗੱਲ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਹਸਪਤਾਲ ਵਿਖੇ ਮੌਜੂਦ ਡਾਕਟਰ ਨਾਲ ਵੀ ਗੱਲਬਾਤ ਕਰਕੇ ਪੀੜਤ ਸਿੱਖਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਕਿਹਾ।
ਸੁਲਤਾਨਪੁਰ ਲੋਧੀ ਵਿਖੇ ਗ੍ਰੰਥੀ ਸਿੰਘ ਨਾਲ ਕੁੱਟਮਾਰ ਦੇ ਮਾਮਲੇ ’ਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ
By -
April 17, 2025