ਕਪੂਰਥਲਾ, 24 ਅਪ੍ਰੈਲ: (ਲਾਡੀ ਦੀਪ ਚੌਧਰੀ,ੳ.ਪੀ ਚੌਧਰੀ)ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਸਹਿਯੋਗ ਨਾਲ ਵਰਲਡ ਬੁੱਕ ਡੇ (ਵਿਸ਼ਵ ਪੁਸਤਕ ਦਿਵਸ) ਸਬੰਧੀ ਵਿਸ਼ਾਲ ਪੁਸਤਕ ਮੇਲਾ ਹਿੰਦੂ ਕੰਨਿਆਂ ਕਾਲਜ ਦੇ ਲਾਇਬ੍ਰੇਰੀ ਹਾਲ ਵਿੱਚ ਲਗਾਇਆ ਗਿਆ।
ਇਸ ਪੁਸਤਕ ਮੇਲੇ ਵਿੱਚ ਸਿਰਜਣਾ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਜ਼ਿਲ੍ਹੇ ਵਿੱਚ ਅਜਿਹੇ ਪੁਸਤਕ ਮੇਲੇ ਵਾਰ-ਵਾਰ ਹੋਣੇ ਚਾਹੀਦੇ ਹਨ ਤਾਂ ਜੋ ਪੁਸਤਕ ਪੜਨ ਵਿੱਚ ਰੁਚੀ ਪੈਦਾ ਹੋਵੇ ਅਤੇ ਪਾਠਕਾਂ ਨੂੰ ਨਵੀਨਤਮ ਸਾਹਿਤ ਅਤੇ ਨਵੇਂ ਪੁਸਤਕ ਟਾਈਟਲ ਮਿਲ ਸਕਣ।
ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਇਸ ਪੁਸਤਕ ਮੇਲੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕਿਤਾਬਾਂ, ਧਾਰਮਿਕ ਪੁਸਤਕਾਂ, ਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ, ਕਹਾਣੀਆਂ ਅਤੇ ਬਾਲ ਸਾਹਿਤ ਪੁਸਤਕਾਂ ਦੇ ਨਾਲ ਨਾਲ ਹੋਰ ਬਹੁਤ ਸਾਰੇ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ,ਜੋਕਿ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਉਪਲੱਬਧ ਸਨ।
ਇਸ ਪੁਸਤਕ ਮੇਲੇ ਵਿੱਚ ਸਾਹਿਤਕਾਰ ਪ੍ਰੋਮਿਲਾ ਅਰੋੜਾ ਵੱਲੋਂ ਪ੍ਰਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਗਈ। ਵਿਦਿਆਰਥੀਆਂ ਨੂੰ ਪੁਸਤਕਾਂ ਪੜਨ ਅਤੇ ਉਸ ਦੀ ਮਹੱਤਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਗਿਆਨ ਪ੍ਰਾਪਤੀ ਲਈ ਸੋਸ਼ਲ ਮੀਡੀਆ ਦੀ ਥਾਂ ‘ਤੇ ਅਸਲ ਕਿਤਾਬਾਂ ਨਾਲ ਸਾਂਝ ਪਾਈਏ ਤਾਂ ਜੋ ਆਪਣੇ ਆਉਣ ਵਾਲੀਆਂ ਪੀੜੀਆਂ ਨੂੰ ਇਹ ਕਿਤਾਬਾਂ ਅਸੀਂ ਵਿਰਸੇ ਦੇ ਰੂਪ ਵਿੱਚ ਦੇ ਸਕੀਏ।
ਇਸ ਮੌਕੇ ਡਾ. ਪਰਮਜੀਤ ਸਿੰਘ ਮਾਨਸਾ ਵੱਲੋਂ ਨਾ ਸਿਰਫ ਇਸ ਪੁਸਤਕ ਮੇਲੇ ਵਿੱਚ ਸ਼ਿਰਕਤ ਕੀਤੀ ਗਈ ਸਗੋਂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਵਰਗੀਕਰਨ ਬਾਰੇ ਸਰਲ ਸ਼ਬਦਾਂ ਵਿੱਚ ਸਮਝਾਇਆ।
ਹਿੰਦੂ ਕੰਨਿਆ ਕਾਲਜ ਦੇ ਪ੍ਰਿੰਸੀਪਲ ਅਤੇ ਭਾਸ਼ਾ ਮੰਚ ਦੇ ਪ੍ਰਧਾਨ ਡਾ. ਜਸਦੀਪ ਕੌਰ ਵੱਲੋਂ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਪੁਸਤਕਾਂ ਨੂੰ ਜੀਵਨ ਦਸੇਰਾ ਦੱਸਿਆ।
ਮੇਲੇ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਹੋਏ, ਜਿਨਾਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਕਪੂਰਥਲਾ (ਘੰਟਾ ਘਰ), ਹਿੰਦੂ ਪੁੱਤਰੀ ਪਾਠਸ਼ਾਲਾ ਗਰਲ ਹਾਈ ਸਕੂਲ ਕਪੂਰਥਲਾ, ਸੈਕਰਡ ਹਾਰਟ ਪਬਲਿਕ ਸਕੂਲ ਕਪੂਰਥਲਾ ਸ਼ਾਮਿਲ ਸਨ।
ਇਸ ਮੌਕੇ ਕਾਲਜ ਦਾ ਸਟਾਫ਼, ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਤੋਂ ਸ਼੍ਰੀਮਤੀ ਸਵਰਾਜ ਕੌਰ, ਸੁਖਜੀਤ ਕੌਰ, ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਦੀ ਸਾਰੀ ਟੀਮ ਜਿਸ ਵਿੱਚ ਮਨੀਸ਼ ਕੁਮਾਰ ਅਤੇ ਸਲਮਾਨ ਵੀ ਹਾਜ਼ਰ ਸਨ।
ਭਾਸ਼ਾ ਵਿਭਾਗ ਵਲੋਂ ਵਰਲਡ ਬੁੱਕ ਡੇ ਮੌਕੇ ਪੁਸਤਕ ਪ੍ਰਦਰਸ਼ਨੀ
By -
April 24, 2025